updated 4:44 AM UTC, Nov 17, 2019
Headlines:

ਭਾਰਤ ਤੇ ਪਾਕਿ ਸ਼ਿਮਲਾ ਸਮਝੌਤੇ ਤਹਿਤ ਸਿੱਧਾ ਸੰਵਾਦ ਕਰਨ: ਅਮਰੀਕਾ

ਵਾਸ਼ਿੰਗਟਨ - ਅਮਰੀਕਾ ਨੇ ਅੱਜ ਕਿਹਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧੇ ਸੰਵਾਦ ਦੇ ਹੱਕ ਵਿਚ ਹੈ ਜਿਵੇਂ ਕਿ ਸ਼ਿਮਲਾ ਸਮਝੌਤੇ ਵਿਚ ਦਰਜ ਕੀਤਾ ਗਿਆ ਹੈ, ਨਾਲ ਹੀ ਅਮਰੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਚ ‘ਮੁੱਖ ਅੜਿੱਕਾ’ ਇਸਲਾਮਾਬਾਦ ਦੀ ਕੱਟੜਵਾਦੀ ਜਥੇਬੰਦੀਆਂ ਨੂੰ ਲਗਾਤਾਰ ਦਿੱਤੀ ਜਾ ਰਹੀ ਹਮਾਇਤ ਹੈ ਜੋ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਅੰਜਾਮ ਦੇ ਰਹੇ ਹਨ। ਅਮਰੀਕੀ ਕੂਟਨੀਤਕ ਐਲਿਸ ਜੀ ਵੈੱਲਜ਼ ਜੋ ਕਿ ਦੱਖਣੀ ਤੇ ਕੇਂਦਰੀ ਏਸ਼ੀਆ ਲਈ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਹਨ, ਨੇ ਅਮਰੀਕੀ ਸਦਨ ਦੀ ਸਬ ਕਮੇਟੀ ਨੂੰ ਦੱਸਿਆ ਕਿ ਤਣਾਅ ਦਾ ਹੱਲ ਸ਼ਿਮਲਾ ਸਮਝੌਤੇ ਵਿਚੋਂ ਹੀ ਨਿਕਲਦਾ ਹੈ। ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਪਿੱਛੇ ਭਾਰਤ ਵੱਲੋਂ ਦਿੱਤੇ ਉੱਥੇ ਵਿਕਾਸ ਦੇ ਤਰਕ ਦਾ ਸਵਾਗਤ ਕਰਦੇ ਹਨ ਪਰ ਵਾਦੀ ਦੀ ਤਾਜ਼ਾ ਸਥਿਤੀ ਬਾਰੇ ਫ਼ਿਕਰਮੰਦ ਹਨ। ਅਮਰੀਕਾ ਨੇ ਕਿਹਾ ਕਿ ਪੰਜ ਅਗਸਤ ਤੋਂ ਲਗਾਤਾਰ ਅੱਸੀ ਲੱਖ ਆਬਾਦੀ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਅਮਰੀਕਾ ਨੇ ਕਿਹਾ ਹੈ ਕਿ ਬੇਸ਼ੱਕ ਜੰਮੂ ਤੇ ਲੱਦਾਖ ਵਿਚ ਹਾਲਾਤ ਸੁਧਰੇ ਹਨ ਪਰ ਕਸ਼ਮੀਰ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਭਾਰਤ ਨਾਲ ਉਠਾਇਆ ਗਿਆ ਹੈ ਤੇ ਮਨੁੱਖੀ ਹੱਕਾਂ ਦਾ ਮਾਣ ਰੱਖਣ, ਮੋਬਾਈਲ ਤੇ ਇੰਟਰਨੈੱਟ ਸਹੂਲਤਾਂ ਬਹਾਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਮੀਡੀਆ ਪਾਬੰਦੀਆਂ ਤੇ ਆਗੂਆਂ ਨੂੰ ਹਿਰਾਸਤ ਵਿਚ ਲੈਣ ਦਾ ਵੀ ਜ਼ਿਕਰ ਕੀਤਾ ਹੈ। ਹਾਲਾਂਕਿ ਅਮਰੀਕਾ ਨੇ ਨਾਲ ਹੀ ਕਿਹਾ ਕਿ ਉਹ ਭਾਰਤ ਸਰਕਾਰ ਦੇ ਉਸ ਐਲਾਨ ਦਾ ਸਵਾਗਤ ਕਰਦੇ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੋ ਰਹੇ ਪੱਖਪਾਤ, ਦਲਿਤਾਂ ਅਤੇ ਮੁਸਲਮਾਨਾਂ ’ਤੇ ਗਊ ਰੱਖਿਅਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ, ਧਰਮ ਬਦਲੀ ਕਾਨੂੰਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਵੈੱਲਜ਼ ਨੇ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਤੋਂ ਧਾਰਮਿਕ ਆਜ਼ਾਦੀ ਨੂੰ ਅਤੇ ਇਨ੍ਹਾਂ ਸਾਰੇ ਵਰਗਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੀ ਮੰਗ ਕਰਦਾ ਹੈ।

New York