updated 4:39 AM UTC, Nov 17, 2019
Headlines:

ਟੀਮ ਓਲੰਪਿਕ ਕੁਆਲੀਫਾਈ ਕਰਨ ਲਈ ਆਸਵੰਦ: ਸੁਸ਼ੀਲਾ

ਭੁਬਨੇਸ਼ਵਰ - ਮਿੱਡਫੀਲਡਰ ਸੁਸ਼ੀਲਾ ਚਾਨੂ ਨੂੰ ਭਰੋਸਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਸਫਲ ਰਹੇਗੀ ਕਿਉਂਕਿ ਬੀਤੇ ਤਿੰਨ ਸਾਲਾਂ ਵਿੱਚ ਟੀਮ ਨੇ ਕਾਫ਼ੀ ਸੁਧਾਰ ਕੀਤਾ ਹੈ। ਭਾਰਤੀ ਟੀਮ ਨੇ 36 ਸਾਲ ਮਗਰੋਂ ਰੀਓ ਓਲੰਪਿਕ-2016 ਵਿੱਚ ਥਾਂ ਬਣਾਈ ਸੀ। ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਥਾਂ ਬਣਾਉਣ ਲਈ ਭਾਰਤੀ ਟੀਮ ਨੇ ਪਹਿਲੀ ਅਤੇ ਦੋ ਨਵੰਬਰ ਨੂੰ ਅਮਰੀਕਾ ਨਾਲ ਭਿੜਨਾ ਹੈ।ਸੁਸ਼ੀਲਾ ਨੇ ਕਿਹਾ, ‘‘ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਅਹਿਸਾਸ ਬਾਰੇ ਸਾਨੂੰ ਪਤਾ ਹੈ ਕਿਉਂਕਿ ਅਸੀਂ 36 ਸਾਲ ਮਗਰੋਂ ਰੀਓ ਵਿੱਚ ਖੇਡੇ ਸੀ। ਹਾਲਾਂਕਿ ਜਦੋਂ ਅਸੀਂ ਉਥੋਂ ਵਾਪਸ ਪਰਤੇ ਤਾਂ ਸਾਰਿਆਂ ਦਾ ਮੰਨਣਾ ਸੀ ਕਿ ਅਗਲੀ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਸਾਨੂੰ ਆਪਣੀ ਖੇਡ ਵਿੱਚ ਹੋਰ ਸੁਧਾਰ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ।’’ਉਸ ਨੇ ਕਿਹਾ, ‘‘ਪਿਛਲੀ ਓਲੰਪਿਕ ਤੋਂ ਭਾਰਤੀ ਹਾਕੀ ਟੀਮ ਕਾਫ਼ੀ ਅੱਗੇ ਵਧ ਗਈ ਹੈ ਅਤੇ ਹੁਣ ਅਸੀਂ ਟੋਕੀਓ ਓਲੰਪਿਕ ਵਿੱਚ ਥਾਂ ਬਣਾਉਣ ਲਈ ਦਿੜ੍ਹ ਹਾਂ।’’ ਭਾਰਤ ਦਾ ਰੀਓ ਓਲੰਪਿਕ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਰਿਹਾ ਸੀ। ਟੀਮ ਚਾਰ ਮੈਚਾਂ ਵਿੱਚ ਹਾਰਨ ਅਤੇ ਇੱਕ ਡਰਾਅ ਖੇਡਣ ਮਗਰੋਂ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਗਈ ਸੀ। ਸੁਸ਼ੀਲਾ ਨੇ ਕਿਹਾ, ‘‘ਸਾਡੀ ਮੌਜੂਦਾ ਟੀਮ ਵਿੱਚ ਦਸ ਖਿਡਾਰੀ ਅਜਿਹੇ ਹਨ, ਜੋ ਰੀਓ ਵਿੱਚ ਖੇਡ ਚੁੱਕੇ ਹਨ ਅਤੇ ਅਸੀਂ ਸਾਰੇ ਇੱਕ ਵਾਰ ਫਿਰ ਉਹ ਅਹਿਸਾਸ ਹਾਸਲ ਕਰਨਾ ਚਾਹੁੰਦੇ ਹਾਂ।’’ਵਿਸ਼ਵ ਦੀ ਨੌਵੇਂ ਨੰਬਰ ਦੀ ਭਾਰਤੀ ਟੀਮ ਆਪਣੇ ਤੋਂ ਹੇਠਲੇ ਦਰਜੇ (13ਵੇਂ ਨੰਬਰ) ’ਤੇ ਕਾਬਜ਼ ਅਮਰੀਕਾ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਇਸ ਵੇਲੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਅਭਿਆਸ ਕਰ ਰਹੀ ਹੈ। ਚਾਨੂ ਨੂੰ ਜ਼ਖ਼ਮੀ ਹੋਣ ਕਾਰਨ ਪਿਛਲੇ ਸਾਲ ਦੋ ਵੱਡੇ ਟੂਰਨਾਮੈਂਟ ਵਿੱਚ ਬਾਹਰ ਹੋਣ ਦਾ ਮਲਾਲ ਅੱਜ ਵੀ ਹੈ। ਉਸ ਨੇ ਲੰਮੇ ਸਮੇਂ ਮਗਰੋਂ ਇਸ ਸਾਲ ਦੇ ਸ਼ੁਰੂ ਵਿੱਚ ਵਾਪਸੀ ਕੀਤੀ ਹੈ। ਉਸ ਨੇ ਇਸ ਨੂੰ ਮੁਸ਼ਕਲ ਦੌਰ ਦੱਸਿਆ। ਭਾਰਤੀ ਟੀਮ ਦੀ ਮਿੱਡਫੀਲਡਰ ਨੇ ਕਿਹਾ, ‘‘ਲੰਮੇ ਸਮੇਂ ਦੀ ਸੱਟ ਕਾਰਨ ਮੈਨੂੰ ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ-2018, ਏਸ਼ੀਅਨ ਗੇਮਜ਼-218 ਅਤੇ ਏਐੱਚਐੱਫ ਮਹਿਲਾ ਚੈਂਪੀਅਨਜ਼ ਟਰਾਫ਼ੀ ਨਾ ਖੇਡਣ ਦਾ ਅਫਸੋਸ ਹੈ। ਨਿੱਜੀ ਤੌਰ ’ਤੇ ਇਹ ਮੇਰਾ ਮੁਸ਼ਕਲ ਦੌਰ ਸੀ।

New York