updated 4:59 AM UTC, Nov 16, 2019
Headlines:

ਭਾਰਤ ਟੈਸਟ ਲੜੀ ਹੂੰਝਣ ਤੋਂ ਦੋ ਕਦਮ ਦੂਰ

ਰਾਂਚੀ - ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀ ਤੂਫ਼ਾਨੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਅੱਜ ਤੀਜੇ ਦਿਨ ਦੱਖਣੀ ਅਫਰੀਕਾ ਨੂੰ ਫਾਲੋਆਨ ਦੇਣ ਮਗਰੋਂ ਦੂਜੀ ਪਾਰੀ ਵਿੱਚ ਉਸ ਦੀਆਂ 132 ਦੌੜਾਂ ’ਤੇ ਅੱਠ ਵਿਕਟਾਂ ਝਟਕਾ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰਨ ਦੇ ਕਰੀਬ ਪਹੁੰਚ ਗਿਆ। ਮੇਜ਼ਬਾਨ ਟੀਮ ਨੂੰ ਜਿੱਤ ਦਰਜ ਕਰਨ ਲਈ ਸਿਰਫ਼ ਦੋ ਵਿਕਟਾਂ ਚਾਹੀਦੀਆਂ ਹਨ। ਫਾਲੋਆਨ ਮਗਰੋਂ ਸ਼ਮੀ (ਦਸ ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਉਮੇਸ਼ (35 ਦੌੜਾਂ ਦੇ ਕੇ ਦੋ ਵਿਕਟਾਂ) ਨੇ ਛੇਤੀ ਹੀ ਦੱਖਣੀ ਅਫਰੀਕਾ ਦਾ ਸਕੋਰ ਪੰਜ ਵਿਕਟਾਂ ’ਤੇ 36 ਦੌੜਾਂ ਕਰ ਦਿੱਤਾ। ਹਾਲਾਂਕਿ, ਜੌਰਜ ਲਿੰਡੇ (27 ਦੌੜਾਂ), ਡੇਨ ਪੀਟ (23 ਦੌੜਾਂ) ਅਤੇ ਥਿਊਨਿਸ ਡਿ ਬਰੂਨ (ਨਾਬਾਦ 30 ਦੌੜਾਂ) ਨੇ ਭਾਰਤ ਦੀ ਜਿੱਤ ਦੀ ਉਡੀਕ ਚੌਥੇ ਦਿਨ ਤੱਕ ਖਿੱਚ ਦਿੱਤੀ। ਸਟੰਪ ਉੱਠਣ ਤੱਕ ਐਨਰਿਚ ਨੋਰਜੇ ਪੰਜ ਦੌੜਾਂ ਬਣਾ ਕੇ ਡਿ ਬਰੂਨ ਨਾਲ ਕ੍ਰੀਜ਼ ’ਤੇ ਡਟਿਆ ਹੋਇਆ ਸੀ।ਭਾਰਤ ਨੇ ਪਹਿਲੀ ਪਾਰੀ ਵਿੱਚ ਨੌਂ ਵਿਕਟਾਂ ’ਤੇ 497 ਦੌੜਾਂ ਬਣਾਉਣ ਮਗਰੋਂ ਪਾਰੀ ਐਲਾਨ ਦਿੱਤੀ ਸੀ, ਜਿਸ ਨਾਲ ਦੱਖਣੀ ਅਫਰੀਕਾ ਹੁਣ ਵੀ 203 ਦੌੜਾਂ ਪਿੱਛੇ ਹੈ, ਜਦਕਿ ਉਸ ਦੀਆਂ ਸਿਰਫ਼ ਦੋ ਵਿਕਟਾਂ ਬਚੀਆਂ ਹਨ। ਭਾਰਤ ਵਿਸ਼ਾਖਾਪਟਨਮ ਅਤੇ ਪੁਣੇ ਵਿੱਚ ਪਹਿਲੇ ਦੋ ਟੈਸਟ ਜਿੱਤ ਕੇ ਪਹਿਲਾਂ ਹੀ ਲੜੀ ਵਿੱਚ 2-0 ਦੀ ਲੀਡ ਬਣਾ ਚੁੱਕਿਆ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਉਮੇਸ਼ (40 ਦੌੜਾਂ ਦੇ ਕੇ ਤਿੰਨ ਵਿਕਟਾਂ), ਸ਼ਮੀ (22 ਦੌੜਾਂ ਦੇ ਕੇ ਦੋ ਵਿਕਟਾਂ), ਰਵਿੰਦਰ ਜਡੇਜਾ (19 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਪਲੇਠਾ ਮੈਚ ਖੇਡ ਰਿਹਾ ਸ਼ਾਹਬਾਜ਼ ਨਦੀਮ (22 ਦੌੜਾਂ ਦੇ ਕੇ ਦੋ ਵਿਕਟਾਂ) ਦੀ ਕਿਫ਼ਾਇਤੀ ਗੇਂਦਬਾਜ਼ੀ ਸਾਹਮਣੇ ਪਹਿਲੀ ਪਾਰੀ ਵਿੱਚ 56.2 ਓਵਰਾਂ ਵਿੱਚ 162 ਦੌੜਾਂ ’ਤੇ ਢੇਰ ਹੋ ਗਈ ਅਤੇ ਉਸ ਨੂੰ ਫਾਲੋਆਨ ਲੈਣ ਲਈ ਮਜ਼ਬੂਰ ਹੋਣਾ ਪਿਆ। ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਜ਼ੁਬੈਰ ਹਮਜ਼ਾ (62 ਦੌੜਾਂ) ਤੋਂ ਇਲਾਵਾ ਟੀਮ ਦਾ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ।

New York