updated 7:13 AM GMT, Jan 23, 2018

ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਗੁਰਨੀਤ ਤੇਜ਼ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ।

ਸ਼ਰਧਾਲੂਆਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼ ਸ੍ਰੀ ਅਨੰਦਪੁਰ ਸਾਹਿਬ - ਕੌਮਾਂਤਰੀ ਪੱਧਰ 'ਤੇ ਆਪਣਾ ਇੱਕ ਵਿਸ਼ੇਸ਼ ਮਹੱਤਵ ਰੱਖਣ ਵਾਲਾ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਰਾਸ਼ਟਰੀ ਤਿਉਹਾਰ ਹੌਲਾ-ਮਹੱਲਾ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਵੱਛਤਾ ਅਤੇ ਹਰਿਆਵਲ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਵੇਗਾ। ਸੰਗਤਾਂ ਦੀ ਭਾਰੀ ਆਮਦ ਨੂੰ ਨਿਰਵਿਘਨ ਸਹੂਲਤਾਂ ਦੇਣ ਲਈ ਇਸ ਮੌਕੇ ਵਾਹਨਾ ਦੀ ਆਮਦ ਉੱਤੇ ਮੁਕੰਮਲ ਪਾਬੰਦੀ ਰਹੇਗੀ। ਲੰਗਰਾਂ ਵਿੱਚ ਰਸਦ ਅਤੇ ਜਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੇ ਵਾਹਨ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਹੀ ਦਾਖਲ ਹੋ ਸਕਣਗੇ। ਇਸਤੋਂ ਇਲਾਵਾ ਲੰਗਰਾਂ ਲਈ ਦੁੱਧ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਸਵੇਰੇ 10 ਵਜੇ ਤੱਕ ਹੀ ਛੋਟ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਨੀਤ ਤੇਜ਼ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਡੀ.ਐਮ. ਦਫਤਰ ਦੇ ਕਮੇਟੀ ਰੂਮ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹੌਲੇ-ਮਹੱਲੇ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਕੀਤਾ। ਉਨ੍ਹਾਂ ਨੇ ਸ੍ਰੀ ਰਾਕੇਸ਼ ਕੁਮਾਰ ਗਰਗ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਨੂੰ ਮੇਲਾ ਅਫਸਰ ਲਗਾਇਆ ਅਤੇ ਮੇਲੇ ਦੌਰਾਨ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਲਗਾਕੇ ਮਹੱਤਵਪੂਰਨ ਥਾਵਾਂ ਉੱਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਇਸ ਦੌਰਾਨ ਕੇਵਲ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਪਾਸਾਂ ਵਾਲੇ ਵਾਹਨ ਹੀ ਮੇਲੇ ਵਿੱਚ ਦਾਖਲ ਹੋ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਸ ਮੇਲੇ ਦੌਰਾਨ ਵਾਹਨਾ ਦੀ ਪਾਰਕਿੰਗ ਨੂੰ ਢੁੱਕਵੇਂ ਢੰਗ ਨਾਲ ਕਰਨ ਲਈ ਵਾਹਨਾਂ ਅਤੇ ਪਾਰਕਿੰਗ ਵਾਲੇ ਸਥਾਨਾਂ ਨੂੰ ਇਕੋ ਰੰਗ ਦਿੱਤਾ ਜਾਵੇਗਾ ਤਾਂ ਜੋ ਸ਼ਰਧਾਲੂਆਂ ਨੂੰ ਲੈਕੇ ਜਾਣ ਵਾਲੇ ਵਾਹਨ ਉਸੇ ਹੀ ਨਿਰਧਾਰਤ ਪਾਰਕਿੰਗ ਵਿੱਚ ਆਪਣੇ ਵਾਹਨ ਖੜ੍ਹੇ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਿੰਗ ਵਾਲੀਆਂ ਥਾਵਾਂ ਤੇ ਸ਼ਰਧਾਲੂਆਂ ਅਤੇ ਪੁਲਿਸ ਫੋਰਸ ਦੀ ਸਹੂਲਤ ਲਈ ਕਲੋਰੀਨੇਟ ਕੀਤਾ ਹੋਇਆ ਪੀਣ ਵਾਲਾ ਪਾਣੀ, ਆਰਜ਼ੀ ਪਖਾਨੇ, ਰੌਸ਼ਨੀ, ਸਫਾਈ ਅਤੇ ਟੈਂਟ ਵੀ ਲਗਾਇਆ ਜਾਵੇ। ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਸਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੰਗਰ ਸੜਕਾਂ ਤੋਂ ਢੁੱਕਵੀਂ ਦੂਰੀ ਤੇ ਹੀ ਲਗਾਏ ਜਾਣ ਤਾਂਜੋ ਟਰੈਫਿਕ ਵਿੱਚ ਕੋਈ ਅੜਿਕਾ ਨਾ ਲੱਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੰਗਰਾਂ ਦੇ ਅੱਗੇ ਕੂੜੇਦਾਨ ਜ਼ਰੂਰ ਰਖਵਾਏ ਜਾਣ ਤਾਂਜੋ ਕਿਸੇ ਵੀ ਕਿਸਮ ਦੀ ਗੰਦਗੀ ਨਾ ਫੈਲੇ ਅਤੇ ਸਵੱਛਤਾ ਬਣੀ ਰਹੇ। ਉਨ੍ਹਾਂ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਨੂੰ ਹਦਾਇਤ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਲੰਗਰ ਲਗਾਉਣ ਵਾਲੀਆਂ ਹੋਰ ਕਮੇਟੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਲੰਗਰ ਲਗਾਉਣ ਵਾਲੀ ਨਿਰਧਾਰਿਤ ਥਾਂ, ਲੰਗਰਾਂ ਦੇ ਆਲੇ-ਦੁਆਲੇ ਦੀ ਸਫਾਈ ਅਤੇ ਲੰਗਰਾਂ ਵਿੱਚ ਰਸਦ ਪਹੁੰਚਾਉਣ ਵਾਲੇ ਵਾਹਨਾ ਦੀ ਨਿਸ਼ਚਿਤ ਕੀਤੀ ਸਮੇਂ ਸੀਮਾਂ ਬਾਰੇ ਜ਼ਰੂਰ ਜਾਣਕਾਰੀ ਦੇਣ ਅਤੇ ਵਾਹਨਾਂ ਦੇ ਪਾਸ ਜਾਰੀ ਕਰਨ ਸਮੇਂ ਇਹ ਵੀ ਨਿਸ਼ਚਿਤ ਕੀਤਾ ਜਾਵੇ ਕਿ ਲੰਗਰਾਂ ਵਿੱਚ ਰਸਦ ਲਿਆਉਣ ਲਈ ਛੋਟੇ ਤੋਂ ਛੋਟੇ ਵਾਹਨਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ 10 ਮੈਡੀਕਲ ਟੀਮਾਂ ਅਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ 4 ਮੈਡੀਕਲ ਟੀਮਾਂ ਨੂੰ ਵੱਖ-ਵੱਖ ਢੁੱਕਵੀਆਂ ਥਾਵਾਂ ਤੇ ਤੈਨਾਤ ਕੀਤਾ ਜਾਵੇ ਤਾਂ ਜੋ ਮੇਲੇ ਵਿੱਚ ਆਏ ਸ਼ਰਧਾਲੂਆਂ ਨੂੰ ਡਾਕਟਰੀ ਸਹੂਲਤ ਉਪਲੱਬਧ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਐਂਬੂਲੈਂਸ ਸਰਵਿਸ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇ, ਜੋ ਕਿ 24 ਘੰਟੇ ਕਾਰਜਸ਼ੀਲ ਰਹਿਣ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਵੱਲੋਂ 14 ਮੁੱਢਲੇ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਮਾਰਕਫੈੱਡ ਅਤੇ ਪਨਸਪ ਦੇ ਅਧਿਕਾਰੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਮਾਰਗ ਤੇ ਬਣੇ ਸਵਾਗਤੀ ਗੇਟ ਨੂੰ ਰੰਗ ਰੋਗਨ ਕਰਵਾਉਣ ਅਤੇ ਉਨ੍ਹਾਂ ਦੇ ਨਾਲ ਬਣੇ ਪਾਰਕਾਂ ਨੂੰ ਹਰਿਆ ਭਰਿਆ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਵੱਛਤਾ ਦੇ ਨਾਲ-ਨਾਲ ਇਸ ਕੌਮੀ ਤਿਉਹਾਰ ਨੂੰ ਹਰਿਆਵਲ ਦੇ ਰੂਪ ਵਿੱਚ ਮਨਾਇਆ ਜਾਵੇ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਰਿਆਵਲ ਲਈ ਪੁੱਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਹਿਰਾਂ ਦੇ ਆਲੇ ਦੁਆਲੇ ਗੋਤਾਖੋਰਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਇਸ ਸਮੂਚੇ ਖੇਤਰ ਦੀ ਸਫਾਈ ਲਈ ਲਗਭਗ 100 ਸਫਾਈ ਕਰਮਚਾਰੀ ਤੈਨਾਤ ਕੀਤੇ ਜਾਣਗੇ। ਇਸ ਲਈ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵੱਲੋਂ ਲੋੜੀਂਦੇ ਸਫਾਈ ਕਰਮਚਾਰੀ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਮੇਲੇ ਵਾਲੇ ਖੇਤਰ ਦੀ ਨਿਰੰਤਰ ਫੋਗਿੰਗ ਅਤੇ ਪਾਣੀ ਦਾ ਛਿੜਕਾਉ ਕੀਤਾ ਜਾਵੇਗਾ। ਉਨ੍ਹਾਂ ਜਨ ਸਿਹਤ ਵਿਭਾਗ, ਨਗਰ ਕੋਂਸਲ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਮੂਚੇ ਖੇਤਰ ਵਿੱਚ ਆਰਜ਼ੀ ਪਖਾਨੇ, ਪੀਣ ਵਾਲਾ ਸਾਫ ਪਾਣੀ ਅਤੇ ਰੌਸ਼ਨੀ ਦੇ ਨਿਰਵਿਘਨ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਨੂੰ ਮੇਲੇ ਦੌਰਾਨ ਇਸ ਖੇਤਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਲਖਮੀਰ ਸਿੰਘ ਨੂੰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਚੀਫ ਫਾਇਰ ਅਫਸਰ ਨਾਲ ਤਾਲਮੇਲ ਕਰਦੇ ਹੋਏ ਯੋਗ ਲੋਂੜੀਦੀ ਮਾਤਰਾ ਵਿੱਚ ਫਾਇਰ ਬਰਗੇਡ ਦੀਆਂ ਗੱਡੀਆਂ ਅਤੇ ਪਸ਼ੂ ਡਿਸਪੈਂਸਰੀਆਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੀ ਪਰਗਤੀ ਨੂੰ ਦਰਸਾਉਂਦੀ ਰਾਜ ਪੱਧਰੀ ਪ੍ਰਦਰਸ਼ਨੀ ਵੀ ਮੇਲੇ ਦੌਰਾਨ ਲਗਾਈ ਜਾਵੇਗੀ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਮੁਫਤ ਬੱਸ ਸਰਵਿਸ ਦੀ ਸੇਵਾ ਦਾ ਨਿਰਵਿਘਨ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਖਾਣ-ਪੀਣ ਵਾਲੀਆਂ ਵਸਤੂਆਂ, ਡੀਜ਼ਲ, ਪੈਟਰੋਲ ਅਤੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਨਿਰੰਤਰ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਮੀਟਿੰਗ ਉਪਰੰਤ ਸਮੂਚੇ ਮੇਲੇ ਦੇ ਖੇਤਰ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ। ਇਸ ਮੀਟਿੰਗ ਵਿਚ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜਨਰਲ), ਸ੍ਰੀ ਪਰਮਜੀਤ ਸਿੰਘ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ੍ਰੀ ਮਨਮੀਤ ਸਿੰਘ ਢਿੱਲੋਂ ਪੁਲਿਸ ਕਪਤਾਨ, ਸ਼੍ਰੀ ਰਾਕੇਸ਼ ਕੁਮਾਰ ਗਰਗ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਸ੍ਰੀ ਰਮਿੰਦਰ ਸਿੰਘ ਕਾਹਲੋਂ ਉਪ ਪੁਲਿਸ ਕਪਤਾਨ, ਸ੍ਰੀ ਗੁਰਨੇਤਰ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਡਾ: ਰੀਤਾ ਸਹਾਇਕ ਸਿਵਲ ਸਰਜਨ, ਸ਼੍ਰੀ ਵਿਸ਼ਾਲ ਗੁਪਤਾ ਤੇ ਸ਼੍ਰੀ ਹਰਵਿੰਦਰ ਸਿੰਘ ਭੱਠਲ (ਕਾਰਜਕਾਰੀ ਇੰਜੀਨੀਅਰ), ਸ੍ਰੀਮਤੀ ਜਸਬੀਰ ਕੌਰ ਜ਼ਿਲ੍ਹਾ ਮੰਡੀ ਅਫਸਰ, ਸ੍ਰੀ ਰਾਜ ਕੁਮਾਰ ਆਬਕਾਰੀ ਅਤੇ ਕਰ ਨਿਰੀਖਕ, ਸ੍ਰੀ ਸੰਜੀਵ ਬੁੱਧੀ ਰਾਜਾ ਸਕੱਤਰ ਜ਼ਿਲ੍ਹਾ ਰੈਡ ਕਰਾਸ, ਸ੍ਰੀ ਮਨਜਿੰਦਰ ਸਿੰਘ, ਸ੍ਰੀ ਭੂਸ਼ਨ ਕੁਮਾਰ ਅਗਰਵਾਲ, ਸ੍ਰੀ ਜਗਜੀਤ ਸਿੰਘ ਜਜ (ਸਾਰੇ ਕਾਰਜਸਾਧਕ ਅਫਸਰ), ਸ੍ਰੀਮਤੀ ਨਵਜੋਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ।

4°C

New York

Cloudy

Humidity: 96%

Wind: 22.53 km/h

  • 23 Jan 2018 13°C 3°C
  • 24 Jan 2018 5°C -2°C